ਚਮਚਮਾਂਦੀ ਹੋਈ ਸੋਨੇ ਦੀ ਚੇਨ
"ਮੰਮੀ, ਮੈਂ ਵੀ ਸੋਨੇ ਦੀ ਚੇਨ ਪਾਉਣੀ ਹੈ!" ਮੈਨੂੰ ਯਾਦ ਹੈ ਮੈਂ ਕਿੰਨਾ ਤੰਗ ਕੀਤਾ ਸੀ ਆਪਣੀ ਮੰਮੀ ਨੂੰ। ਦੱਸ-ਗਿਆਰਾਂ ਵਰ੍ਹਿਆਂ ਦੀ ਹੋਵਾਂਗੀ ਉਦੋਂ ਮੈਂ, ਜੱਦ ਸੋਨੇ ਦੀ ਚੇਨ ਪਾਉਣ ਦਾ ਸ਼ੌਕ ਚੜ੍ਹ ਗਿਆ। ਅਸਲ ਵਿੱਚ ਮੇਰੀ ਪੱਕੀ ਸਹੇਲੀ ਨੂੰ ਉਸਦੀ ਭੈਣ ਦੇ ਵਿਆਹ ਤੇ ਸੋਨੇ ਦੀ ਚੇਨ ਮਿਲੀ ਸੀ। ਉਸਦੀ ਚਮਚਮਾਂਦੀ ਹੋਈ ਸੁਨਹਿਰੀ ਚੇਨ ਵੇਖ ਕੇ ਮੇਰਾ ਮਨ ਵੀ ਲਲਚਾ ਗਿਆ। ਦਿਨ ਰਾਤ ਆਪਣੀ ਮੰਮੀ ਦੀ ਜਾਨ ਖਾ ਗਈ ਬਈ ਮੈਨੂੰ ਵੀ ਬਸ ਇੱਕ ਸੋਨੇ ਦੀ ਚੇਨ ਲੈ ਦਿਓ, ਫੇਰ ਅਗਲੇ ਸਾਲ ਤੱਕ ਕੁਝ ਨਹੀਂ ਮੰਗਾਂਗੀ। ਪਰ ਮੰਮੀ ਮੇਰੀ ਸੁਣ ਕੇ ਅਣਸੁਣਿਆ ਕਰਦੀ ਜਾ ਰਹੀ ਸੀ। ਦਲੀਲ ਇਹ ਦਿੱਤੀ ਜਾ ਰਹੀ ਸੀ ਕਿ ਮੈਂ ਹਾਲੇ ਛੋਟੀ ਸੀ ਅਤੇ ਮੇਰਾ ਚੇਨ ਪਾ ਕੇ ਘੁੰਮਣਾ ਸੁਰੱਖਿਅਤ ਨਹੀਂ ਸੀ। ਮੈਂ ਖਿੱਝਦੀ ਹੋਈ ਦਾਦੀ ਦੀ ਗੋਦੀ ਵਿੱਚ ਸਿਰ ਰੱਖ ਕੇ ਰੋਣ ਲੱਗ ਪਈ। "ਕੀ ਕਹਿੰਦੀ ਹੈ ਕੁੜੀ, ਮੈਨੂੰ ਵੀ ਤਾਂ ਕੁੱਝ ਦੱਸੋ!" ਦਾਦੀ ਮੇਰਾ ਰੋਣਾ-ਬਿਲਖਣਾ ਸੁਣ ਕੇ ਘਬਰਾ ਗਈ। "ਦਾਦੀ, ਮੈਂ ਸੋਨੇ ਦੀ ਚੇਨ ਪਾਉਣੀ ਹੈ। ਮੇਰੀ ਸਹੇਲੀ ਕੋਲ ਵੀ ਹੈਗੀ ਹੈ, ਚਮਚਮਾਂਦੀ ਸੋਨੇ ਦੀ ਚੇਨ 😍।" ਮੈਂ ਆਪਣਾ ਆਖਰੀ ਹਥਿਆਰ ਵਰਤਣ ਦੀ ਸੋਚੀ ਅਤੇ ਦਾਦੀ ਅੱਗੇ ਫਰਮਾਇਸ਼ ਰੱਖ ਦਿੱਤੀ। ਮੈਨੂੰ ਯਾਦ ਹੈ ਉਦੋਂ ਦਾਦੀ ਨੇ ਮੈਨੂੰ ਪਿਆਰ ਨਾਲ ਵੇਖਿਆ ਸੀ ਅਤੇ ਆਪਣੀ ਕਮਰ ਵਿੱਚ ਸਾਂਭੀਆਂ ਚਾਬੀਆਂ ਕੱਢ ਕੇ ਆਪਣੇ ਮੰਜੇ ਥੱਲੇ ਪਏ ਪੁਰਾਣੇ ਸੰਦੂਕ ਨੂੰ ਖੋਲਿਆ ਸੀ। ਨਾਨੀਆਂ ਦਾਦੀਆਂ...