ਸਹੁਰੇ ਘਰ ਪਹਿਲੀ ਦੀਵਾਲੀ
ਨੱਕੋ ਨੱਕ ਭਰੇ ਦੁੱਧ ਦੇ ਪਤੀਲੇ ਨੂੰ ਗੈਸ ਉੱਪਰ ਰੱਖ ਕੇ ਸੋਨੀਆ ਨੇ ਦੂਜੇ ਪਾਸੇ ਚਾਹ ਧਰ ਦਿੱਤੀ। ਸਟੀਰੀਓ ਤੇ ਗਾਣੇ ਲਾ ਲਏ ਅਤੇ ਅਵਾਜ਼ ਦਿੱਤੀ," ਚਲੋ ਬਰੁਸ਼ ਕਰਕੇ ਆਓ, ਮੈਂ ਚਾਹ ਲਿਆ ਰਹੀ ਹਾਂ।"
ਸਮੀਰ ਨੇ ਅੱਖਾਂ ਮਲਦੇ ਹੋਏ ਘੜੀ ਵੱਲ ਨਜ਼ਰ ਮਾਰੀ। ਸਵੇਰ ਦੇ ਨੌਂ ਵੱਜੇ ਸਨ।
ਸਟੀਰੀਓ ਤੇ ਰੋਮਾਂਟਿਕ ਗਾਣਾ ਚੱਲ ਰਿਹਾ ਸੀ,"ਯੇਹ ਤੇਰਾ ਘਰ ਯੇਹ ਮੇਰਾ ਘਰ, ਯੇਹ ਘਰ ਬਹੁਤ ਹਸੀਨ ਹੈ...!"
ਚਾਹ ਦਾ ਪਹਿਲਾ ਘੁੱਟ ਭਰਦੇ ਹੋਏ ਸਮੀਰ ਨੇ ਕਿਹਾ," ਤੈਨੂੰ ਪਤਾ ਹੈ ਨਾ ਅੱਜ ਮੰਮੀ ਪਾਪਾ ਦੀਵਾਲੀ ਮਨਾਉਣ ਇੱਥੇ ਆ ਰਹੇ ਹਨ। ਘਰ ਦਾ ਇਹ ਹਾਲ ਵੇਖਣਗੇ ਤਾਂ ਕੀ ਕਹਿਣਗੇ?"
ਸੋਨੀਆ ਨੇ ਚਾਰੋ ਪਾਸੇ ਨਜ਼ਰ ਘੁਮਾਈ,"ਕੀ ਹਾਲ ਹੈ, ਚੰਗਾ ਭਲਾ ਤਾਂ ਹੈ। ਨਾਲ਼ੇ ਕੰਮ ਵਾਲੀ ਆਏਗੀ ਤਾਂ ਸਫਾਈ ਆਪੇ ਹੋ ਜਾਏਗੀ!" ਕਹਿ ਕੇ ਉਹ ਗਾਣੇ ਦੇ ਨਾਲ ਸੁਰ ਮਿਲਾਕੇ ਗਾਉਣ ਲੱਗੀ।
ਵਿਆਹ ਤੋਂ ਬਾਅਦ ਸੋਨੀਆ ਅਤੇ ਸਮੀਰ ਦੀ ਪਹਿਲੀ ਦੀਵਾਲੀ ਆ ਰਹੀ ਸੀ। ਦੋਨੋਂ ਬੰਗਲੌਰ ਵਿੱਚ ਨੌਕਰੀ ਕਰਦੇ ਸਨ ਅਤੇ ਸਮੀਰ ਦੇ ਮਾਪੇ ਫ਼ਗਵਾੜੇ ਰਹਿੰਦੇ ਸਨ। ਅੱਜ ਸਮੀਰ ਦੇ ਮੰਮੀ-ਪਾਪਾ ਨੇ ਦੀਵਾਲੀ ਦਾ ਤਿਉਹਾਰ ਉਹਨਾਂ ਨਾਲ ਬਿਤਾਉਣ ਲਈ ਆਉਣਾ ਸੀ।
"ਵੇਖ ਸੋਨੀਆ, ਸਾਡੇ ਘਰ ਵਿੱਚ ਦੀਵਾਲੀ ਤੇ ਚੰਗੀ ਸਾਫ ਸਫਾਈ ਕਰਨ ਦਾ ਰਿਵਾਜ ਹੈ। ਸ਼ਾਮ ਤੱਕ ਘਰ ਬਿਲਕੁਲ ਚਮਕਦਾ ਹੋਇਆ ਚਾਹੀਦਾ ਹੈ ਨਹੀਂ ਤਾਂ ਮੰਮੀ ਪਾਪਾ ਨੂੰ ਚੰਗਾ ਨਹੀਂ ਲੱਗੇਗਾ। ਛੇਤੀ ਕੰਮ ਸ਼ੁਰੂ ਕਰ ਲਓ!"
ਸਮੀਰ ਦੀ ਗੱਲ ਸੁਣ ਕੇ ਸੋਨੀਆ ਦੀਆਂ ਤਿਉੜੀਆਂ ਚੜ੍ਹ ਗਈਆਂ," ਠੀਕ ਹੈ ਕਰ ਲੈਂਦੇ ਹਾਂ। ਇੱਕ ਝਾੜੂ ਤੁਸੀਂ ਵੀ ਚੱਕ ਲਓ ਫੇਰ!"
ਸਮੀਰ ਨੇ ਜ਼ਰਾ ਔਖੇ ਜਿਹੇ ਹੋ ਕੇ ਸੋਨੀਆ ਵੱਲ ਤੱਕਿਆ ਤਾਂ ਉਹ ਸ਼ੁਰੂ ਹੋ ਗਈ,
"ਨਾ ਇਹ ਪੰਡਤ ਨੇ ਕਦੋਂ ਕਿਹਾ ਸੀ ਕਿ ਵਿਆਹ ਤੋਂ ਬਾਅਦ ਸਾਰੀ ਸਾਫ-ਸਫਾਈ, ਰੋਟੀ-ਪਾਣੀ, ਭਾਂਡੇ-ਟੀਂਡੇ ਮੈਂ ਹੀ ਸਾਂਭਣੇ ਹਨ। ਤੁਸੀਂ ਵੀ ਥੋੜਾ ਹੱਥ ਪਾ ਦਿਓ, ਕਿ ਮੇਰੇ ਆਉਣ ਦੀ ਉਡੀਕ ਸੀ ਕਿ ਕਦੋਂ ਆਊਂਗੀ ਅਤੇ ਦੀਵਾਲੀ ਦੀਆਂ ਸਫਾਈਆਂ ਕਰੂੰਗੀ। ਹਾਲੇ ਛੇ ਮਹੀਨੇ ਹੋਏ ਹਨ ਮੈਨੂੰ ਆਏ ਪਰ ਆਉਂਦਿਆਂ ਹੀ ਮੈਂ ਬਿਨਾ ਕਿਸੇ ਦੇ ਕੁਝ ਕਹੇ ਸਾਰੇ ਕੰਮ ਸਾਂਭ ਲਏ। ਮਜਾਲ ਹੈ ਤੁਸੀਂ ਕਿਸੇ ਕੰਮ ਵਿੱਚ ਹੱਥ ਵੰਡਾ ਦਿਓ, ਨੌਕਰੀ ਤੁਹਾਡੀ ਵੀ 9 ਤੋਂ 5 ਅਤੇ ਨੌਕਰੀ ਮੇਰੀ ਵੀ 9 ਤੋਂ 5! ਪਰ ਘਰ ਵਿੱਚ ਸ਼ਾਮ 5 ਤੋਂ ਸਵੇਰੇ 9 ਤੱਕ ਸਿਰਫ ਮੈਂ ਹੀ ਡਿਊਟੀ ਦਿੰਦੀ ਹਾਂ!"
ਸਮੀਰ ਨੇ ਸਿਰ ਝੁਕਾਏ ਜਵਾਬ ਦਿੱਤਾ," ਪਰ ਸਾਡੇ ਘਰਾਂ ਵਿੱਚ ਔਰਤਾਂ ਘਰ ਦਾ ਸਾਰਾ ਕੰਮ ਕਰਦੀਆਂ ਹਨ ਅਤੇ ਆਦਮੀ ਬਾਹਰ ਦਾ।"
"ਪਰ ਮੈਂ ਤਾਂ ਬਾਹਰ ਦਾ ਕੰਮ ਵੀ ਕਰਦੀ ਹਾਂ ਅਤੇ ਘਰ ਦਾ ਵੀ। ਇਹ ਰਿਵਾਜ ਓਦੋਂ ਬਣੇ ਸੀ ਜਦੋਂ ਔਰਤਾਂ ਨਾ ਪੜ੍ਹਦੀਆਂ ਲਿਖਦੀਆਂ ਸਨ ਅਤੇ ਨਾ ਨੌਕਰੀ ਕਰਦੀਆਂ ਸਨ। ਅੱਜ ਦੀ ਨਾਰੀ ਆਦਮੀ ਦੇ ਮੋਢੇ ਨਾਲ ਮੋਢਾ ਮਿਲਾ ਕੇ ਚਲਦੀ ਹੈ। ਆਦਮੀ ਨੂੰ ਪੁਰਾਣੇ ਰੂੜ੍ਹੀਵਾਦੀ ਵਿਚਾਰ ਛਡ ਕੇ ਨਵੇਂ ਵਿਚਾਰਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ!"
ਸਮੀਰ ਝਿਝਕਦੇ ਹੋਏ ਸੋਫੇ ਤੋਂ ਉੱਠਿਆ," ਚੰਗਾ ਮਾਲਕੋ, ਹੁਣ ਤਾਂ ਤੁਹਾਡੀ ਚੱਲਣੀ ਹੈ, ਵਿਆਹ ਕੇ ਜੋ ਲੈ ਆਂਦਾ... ਹਾ ਹਾ ਹਾ!"
"ਲਵ ਯੂ," ਕਹਿ ਕੇ ਸੋਨੀਆ ਨੇ ਸਮੀਰ ਵੱਲ ਪਿਆਰ ਨਾਲ ਤੱਕਿਆ।
ਦੋਨਾਂ ਨੇ ਮਿਲ ਕੇ ਘਰ ਨੂੰ ਚੰਗੀ ਤਰ੍ਹਾਂ ਸਵਾਰਿਆ। ਪਹਿਲੀ ਦੀਵਾਲੀ ਤੇ ਸੋਨੀਆ ਅਤੇ ਸਮੀਰ ਦੋਵਾਂ ਨੇ ਇੱਕ ਨਵੀਂ ਸ਼ੁਰੂਆਤ ਕਰਨ ਦਾ ਫੈਸਲਾ ਕਰ ਲਿਆ ਸੀ।
- Aditi K
Comments
Post a Comment