ਇੱਕ ਨਵੀਂ ਸਵੇਰ
ਦਫਤਰ ਤੋਂ ਆ ਕੇ ਰਿਚਾ ਨੇ ਆਪਣਾ ਪਰਸ ਬੈਡ ਤੇ ਸੁੱਟਿਆ ਅਤੇ ਰਸੋਈ ਵਿੱਚ ਚਾਹ ਬਨਾਉਣ ਚਲੀ ਗਈ। ਮਨੀਸ਼ ਪਹਿਲਾਂ ਹੀ ਘਰ ਵਾਪਸ ਆ ਚੁੱਕਾ ਸੀ। ਚਾਹ ਦਾ ਇੱਕ ਕੱਪ ਮਨੀਸ਼ ਅੱਗੇ ਰੱਖਦੇ ਹੋਏ ਰਿਚਾ ਉਸਦੇ ਸਾਹਮਣੇ ਵਾਲੇ ਸੋਫੇ ਤੇ ਢੇਰੀ ਹੋ ਗਈ।
"ਕੀ ਹੋਇਆ ਰਿਚਾ, ਤਬੀਅਤ ਤਾਂ ਠੀਕ ਹੈ?" ਮਨੀਸ਼ ਰਿਚਾ ਨੂੰ ਨਿਢਾਲ ਵੇਖ ਕੇ ਪਰੇਸ਼ਾਨ ਹੋ ਗਿਆ।
ਥੋੜੀ ਨਾ-ਨੁੱਕਰ ਕੀਤੀ ਪਰ ਅੰਤ ਰਿਚਾ ਦਾ ਗੁਬਾਰ ਫੁੱਟ ਪਿਆ।
"ਪਰਸੋਂ ਦੀਵਾਲੀ ਹੈ ਅਤੇ ਘਰ ਦੀਆਂ ਸਫਾਈਆਂ ਵੀ ਚੰਗੀ ਤਰ੍ਹਾਂ ਨਹੀਂ ਹੋਈਆਂ। ਓਧਰ ਦਫਤਰ ਵਿੱਚ ਬੌਸ ਓਵਰਟਾਈਮ ਕਰਾ ਰਿਹਾ ਹੈ, ਅਖੇ ਤਿਉਹਾਰ ਵੇਲੇ ਪ੍ਰੈਸ਼ਰ ਜ਼ਿਆਦਾ ਹੈ। ਦੋ ਦਿਨ ਵਿੱਚ ਕੀ ਤਿਆਰੀ ਕਰਾਂਗੀ ਦੀਵਾਲੀ ਦੀ? ਬੱਚੇ ਮੇਰਾ ਮੂੰਹ ਵੇਖਣਗੇ ਕਿ ਮੰਮੀ ਮਿਠਾਈਆਂ, ਕਪੜੇ, ਸਜਾਵਟ ਕਿੱਥੇ ਹੈ? ਕਰੋਨਾ ਕਾਰਨ ਕੰਮ ਵਾਲੀ ਨੂੰ ਵੀ ਤਾਂ ਨਹੀਂ ਬੁਲਾ ਰਹੇ ਅਸੀਂ!" ਕਹਿੰਦੇ ਕਹਿੰਦੇ ਰਿਚਾ ਦੀਆਂ ਅੱਖਾਂ ਭਰ ਆਈਆਂ।
ਇੱਕ ਲੰਬਾ ਸਾਹ ਭਰ ਕੇ ਮਨੀਸ਼ ਰਿਚਾ ਕੋਲ ਆ ਕੇ ਬੈਠ ਗਿਆ। ਉਹ ਜਾਣਦਾ ਸੀ ਕਿ ਕਰੋਨਾ ਦੇ ਆਉਣ ਤੋਂ ਬਾਅਦ ਰਿਚਾ ਤੇ ਕੰਮ ਦਾ ਭਾਰ ਬਹੁਤ ਵੱਧ ਗਿਆ ਸੀ। ਉਹ ਕੋਸ਼ਿਸ਼ ਕਰਦਾ ਸੀ ਕਿ ਰਿਚਾ, ਆਪਣੀ ਵਹੁਟੀ ਤੇ ਵਾਧੂ ਕੰਮ ਦਾ ਜ਼ੋਰ ਨਾ ਪਵੇ ਪਰ ਉਸਦੇ ਮੁਤਾਬਿਕ ਜਨਾਨੀਆਂ ਦੇ ਕੰਮ ਤਾਂ ਜਨਾਨੀਆਂ ਹੀ ਜਾਣਦੀਆਂ ਹਨ, ਹੁਣ ਝਾੜੂ ਪੋਚਾ ਆਦਮੀਆਂ ਨੇ ਤਾਂ ਨਹੀਂ ਕਰਨਾ!!
ਔਰਤ ਘਰ-ਬਾਹਰ ਦੇ ਦੋਵੇਂ ਕੰਮ ਕਰੇ ਅਤੇ ਆਦਮੀ ਦਾ ਜੋ ਮਨ ਵਿੱਚ ਆਏ ਓਹੀ ਕਰੇ, ਦੂਜੇ ਨੂੰ ਹੱਥ ਨਾ ਲਾਵੇ। ਆਦਮੀਆਂ ਦੀ ਇਹ ਦੋਹਰੀ ਮਾਨਸਿਕਤਾ ਮੈਨੂੰ ਕਦੇ ਕਦੇ ਸੋਚ ਵਿੱਚ ਪਾ ਦਿੰਦੀ ਹੈ।
ਰਿਚਾ ਦਾ ਗੁੱਸਾ ਫੁੱਟ ਰਿਹਾ ਸੀ," ਦੋਨੋ ਮੁੰਡਿਆਂ ਨੂੰ ਵੀ ਕੋਈ ਕੰਮ ਕਰਨ ਦੀ ਆਦਤ ਨਹੀਂ ਹੈ, ਬੱਸ ਬੈਠੇ-ਬੈਠੇ ਖਾਣ ਪੀਣ ਨੂੰ ਚਾਹੀਦੈ। ਮੈਂ ਇਕੱਲੀ ਜਾਨ ਕੀ ਕੁਝ ਕਰ ਸਕਦੀ ਹਾਂ? ਘਰ ਵਿੱਚ ਕਲੇਸ਼ ਨਾ ਪਵੇ ਇਸ ਲਈ ਕਦੇ ਸ਼ਿਕਵਾ ਨਹੀਂ ਕਰਦੀ, ਪਰ ਹੁਣ ਤਾਂ ਹੱਦ ਹੀ ਹੋ ਗਈ! ਤਿਉਹਾਰ ਵੇਲੇ ਤਾਂ ਘਰ ਦੇ ਕੰਮ ਵਿੱਚ ਯੋਗਦਾਨ ਪਾਉ!!" ਉਸਦੇ ਤਿੱਖੇ ਸ਼ਬਦ ਮਨੀਸ਼ ਨੂੰ ਅੰਦਰ ਤੱਕ ਹਿਲਾ ਗਏ।
ਉਹ ਚੁੱਪਚਾਪ ਉੱਠ ਕੇ ਅੰਦਰ ਬੱਚਿਆਂ ਦੇ ਕਮਰੇ ਵਿੱਚ ਗਿਆ। ਦੋਵੇਂ ਟੀਵੀ ਅਤੇ ਮੋਬਾਈਲ ਵਿੱਚ ਰੁੱਝੇ ਹੋਏ ਸਨ। ਮਨੀਸ਼ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਅਤੇ ਆਪਣੇ ਬੇਟਿਆਂ ਨੂੰ ਪਤਾ ਨਹੀਂ ਕੀ ਪਰ ਬਹੁਤ ਕੁਝ ਸਮਝਾਇਆ। ਅੱਧੇ ਘੰਟੇ ਬਾਅਦ ਜਦੋਂ ਦਰਵਾਜ਼ਾ ਖੁੱਲ੍ਹਿਆ ਤਾਂ ਤਿੰਨਾਂ ਦੇ ਮੂੰਹ ਤੇ ਮੁਸਕਰਾਹਟ ਸੀ।
ਉਸ ਰਾਤ ਤੱਕ ਘਰ ਦੀ ਸਾਰੀ ਸਫ਼ਾਈ ਹੋ ਗਈ ਸੀ। ਦੀਵਾਲੀ ਵਾਲੇ ਦਿਨ ਮਨੀਸ਼ ਬਾਜ਼ਾਰ ਤੋਂ ਮਿਠਾਈਆਂ ਤੇ ਨਵੇਂ ਕਪੜੇ ਲੈਣ ਚਲਾ ਗਿਆ ਅਤੇ ਰਿਚਾ ਦੀਵੇ ਬੱਤੀ ਦੀ ਤਿਆਰੀ ਕਰਨ ਲੱਗੀ। ਸ਼ਾਮ ਨੂੰ ਜਦੋਂ ਚਾਰੋਂ ਪੂਜਾ ਕਰਨ ਬੈਠੇ ਤਾਂ ਮਨੀਸ਼ ਨੇ ਰਿਚਾ ਦਾ ਹੱਥ ਫ਼ੜ ਕੇ ਮਾਫੀ ਮੰਗੀ," ਰਿਚਾ, ਹੁਣ ਤੋਂ ਘਰ ਦੇ ਕੰਮ ਵਿੱਚ ਅਸੀਂ ਸਾਰੇ ਹੱਥ ਵੰਡਾਵਾਂਗੇ। ਇੱਕ ਇਨਸਾਨ ਤੇ ਸਾਰਾ ਬੋਝ ਪਾਉਣਾ ਇਨਸਾਫ਼ ਨਹੀਂ, ਅੱਜ ਮੈਨੂੰ ਸਮਝ ਆ ਗਿਆ ਹੈ। ਇਹ ਦਿਵਾਲੀ ਸਾਡੇ ਲਈ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਹੈ।"
Comments
Post a Comment