ਆ ਗਈ ਰੋਡਵੇਜ਼ ਦੀ ਲਾਰੀ


ਨਹੀਂ ਜੀ, ਇਹ ਗੁਰਦਾਸ ਮਾਨ ਦੇ ਮਸ਼ਹੂਰ ਗੀਤ ਬਾਰੇ ਲੇਖ ਨਹੀਂ ਸਗੋਂ ਮੇਰੇ ਆਪਣੇ ਤਜਰਬੇ ਦਾ ਸਾਰ ਹੈ।

ਕਾਲਜ ਦੇ ਦਿਨਾਂ ਦੀ ਗੱਲ ਹੈ। ਗਰਮੀ ਦੀਆਂ ਛੁੱਟੀਆਂ ਵਿੱਚ ਸਾਰੀਆਂ ਸਹੇਲੀਆਂ ਸਮਾਨ ਬੰਨ ਕੇ ਆਪਣੇ-ਆਪਣੇ ਘਰਾਂ ਨੂੰ ਜਾਣ ਲਈ ਉਤਾਵਲੀਆਂ ਸਨ। ਹੋਸਟਲ ਦੀਆਂ ਰੋਟੀਆਂ ਤੋਂ ਕੁਝ ਸਮੇਂ ਵਾਸਤੇ ਛੁਟਕਾਰਾ ਮਿਲ ਰਿਹਾ ਸੀ ਅਤੇ ਉਪਰੋਂ ਇਮਤਿਹਾਨ ਦਾ ਦੋ ਮਹੀਨੇ ਲੰਬਾ ਸਮਾਂ ਪਤਾ ਨਹੀਂ ਅਸੀਂ ਕਿਵੇਂ ਕੱਢਿਆ ਸੀ।

ਘੰਟਾ ਭਰ ਬੱਸ ਦੇ ਇੰਤਜ਼ਾਰ ਤੋਂ ਬਾਅਦ ਜਦੋਂ ਇੱਕ  ਬੁੱਢੀ ਜਿਹੀ ਬੱਸ ਆਈ ਤਾਂ ਮੈਂ ਅਤੇ ਮੇਰੀ ਸਹੇਲੀ ਜੋਤੀ ਝੱਟ ਚੜ੍ਹ ਗਏ। ਘਰ ਜਾਉਣ ਵਾਸਤੇ ਅਸੀਂ ਐਨੇ ਉਤਾਵਲੇ ਸਾਂ ਕਿ ਬੱਸ ਦੀ ਉਮਰ ਵੀ ਨਹੀਂ ਦੇਖੀ। ਇੱਕ ਵਾਰੀ ਬੱਸ ਵਿੱਚ ਪੈਰ ਧਰਨ ਤੋਂ ਪਹਿਲਾਂ ਇਹ ਵੀ ਨਾ ਸੋਚਿਆ ਕੇ ਚਾਰ ਘੰਟੇ ਲੰਬਾ ਸਫ਼ਰ ਇਹ ਢਿੱਲੀ ਬੱਸ ਕਿੱਦਾਂ ਤੈਅ ਕਰੂਗੀ। ਖ਼ੈਰ ਹੁਣ ਤਾਂ ਰੱਬ ਹੀ ਵਾਲੀ ਸੀ ਸਾਡਾ। ਚਾਰੋ ਪਾਸੇ ਨਜ਼ਰ ਘੁਮਾਈ ਤਾਂ ਸਾਡੇ ਵਰਗੇ 10-12 ਬੰਦੇ ਹੋਰ ਬੈਠੇ ਸਨ ਜਿਨ੍ਹਾਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਣ ਦੀ ਐਨੀ ਜਲਦੀ ਸੀ ਕਿ ਸਫ਼ਰ ਦੀਆਂ ਮੁਸ਼ਕਲਾਂ ਨਜ਼ਰ ਨਹੀਂ ਆਈਆਂ। ਬੱਸ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਕਦੋਂ ਦੇ ਟੁੱਟ ਚੁੱਕੇ ਸਨ ਅਤੇ ਸਾਲਾਂ ਤੋਂ ਬੱਸ ਦੀ ਮੁਰੰਮਤ ਕਰਨ ਦੀ ਕਿਸੇ ਨੇ ਕੋਸ਼ਿਸ਼ ਨਹੀਂ ਸੀ ਕੀਤੀ ਲਗਦੀ। 40-50 ਮੀਲ ਦੀ ਸਪੀਡ ਨਾਲ ਚੱਲਣ ਵਾਲੀਆਂ ਬਸਾਂ ਸਾਡੀ 3 ਮੀਲ ਦੀ ਸਪੀਡ ਵਾਲੀ ਬੱਸ ਨੂੰ ਵੇਖ ਹੱਸਦੀਆਂ ਜਾਪਦੀਆਂ ਸਨ।



ਘਿਸਟ ਘਿਸਟ ਕੇ ਸਾਡੀ ਬਜੁਰਗ ਬੱਸ ਇੱਕ ਘੰਟੇ ਵਿੱਚ ਉਨ੍ਹਾਂ ਕੁ ਚੱਲੀ ਜਿੰਨਾ ਉਸਦੀ ਸ਼ਕਲ ਦੱਸਦੀ ਸੀ। ਸੁੱਖਾਂ ਨਾਲ ਅਸੀਂ ਰਾਮ ਰਾਮ ਕਰਦੇ 2 ਕਿਲੋਮੀਟਰ ਦੀ ਦੂਰੀ ਤੈਅ ਕਰ ਲਈ ਸੀ। ਇੱਕ ਸਟਾਪ ਆਇਆ ਅਤੇ ਬੱਸ ਝਟਕੇ ਨਾਲ ਰੁੱਕ ਗਈ। ਕੰਡਕਟਰ "ਜਲੰਧਰ ਜਲੰਧਰ" ਦੀਆਂ ਵਾਜਾਂ ਮਾਰਦਾ ਬਾਹਰ ਨਿਕਲ ਗਿਆ। 2 ਕੁ ਹੋਰ ਮੁਸਾਫ਼ਰ ਆਪਣੀ ਜਾਨ ਹਥੇਲੀ ਤੇ ਧਰ ਕੇ ਬੱਸ ਵਿੱਚ ਆ ਕੇ ਬਹਿ ਗਏ।


ਅੱਧੇ ਘੰਟੇ ਬਾਦ ਕੰਡਕਟਰ ਨੇ ਸੀਟੀ ਮਾਰੀ ਪਰ ਬੱਸ ਤਾਂ ਜਿਵੇਂ ਉਸਦਾ ਇਸ਼ਾਰਾ ਸਮਝੀ ਹੀ ਨਹੀਂ। ਜਦੋਂ ਬਾਰ ਬਾਰ ਸੀਟੀ ਮਾਰਨ ਤੇ ਵੀ ਬਜੁਰਗਾਂ ਨੇ ਚੱਲਣ ਤੋਂ ਮਨਾ ਕਰ ਦਿੱਤਾ ਤਾਂ ਕਡੰਕਟਰ ਸਮੇਤ ਸਾਰੀਆਂ ਸਵਾਰੀਆਂ ਬੱਸ ਨੂੰ ਧੱਕਾ ਮਾਰਨ ਲਈ ਇੱਜਤ ਨਾਲ ਥੱਲੇ ਉੱਤਰ ਗਈਆਂ। ਅਸੀਂ ਭਾਵੇਂ ਕੁੜੀਆਂ ਸਾਂ ਪਰ ਆਪਣੀ ਪੜਦਾਦੀ ਵਰਗੀ ਬੱਸ ਉੱਪਰ ਭਾਰ ਵਧਾਉਣ ਦਾ ਪਾਪ ਸਾਡੇ ਸਿਰ ਨਾ ਪਵੇ, ਸੋ ਹੇਠਾਂ ਉੱਤਰ ਗਈਆਂ ਧੱਕਾ ਮਾਰਨ ਵਾਸਤੇ। 

 

Comments

Popular posts from this blog

ਇੱਕ ਦੂਜੇ ਦੇ ਰੰਗ ਵਿੱਚ ਰੰਗ ਜਾਈਏ

ਇੱਕ ਨਵੀਂ ਸਵੇਰ

ਅਸੀਂ ਸਾਰੇ ਇੱਕ ਸਮਾਨ