ਚਮਚਮਾਂਦੀ ਹੋਈ ਸੋਨੇ ਦੀ ਚੇਨ


"ਮੰਮੀ, ਮੈਂ ਵੀ ਸੋਨੇ ਦੀ ਚੇਨ ਪਾਉਣੀ ਹੈ!" ਮੈਨੂੰ ਯਾਦ ਹੈ ਮੈਂ ਕਿੰਨਾ ਤੰਗ ਕੀਤਾ ਸੀ ਆਪਣੀ ਮੰਮੀ ਨੂੰ। ਦੱਸ-ਗਿਆਰਾਂ ਵਰ੍ਹਿਆਂ ਦੀ ਹੋਵਾਂਗੀ ਉਦੋਂ ਮੈਂ, ਜੱਦ ਸੋਨੇ ਦੀ ਚੇਨ ਪਾਉਣ ਦਾ ਸ਼ੌਕ ਚੜ੍ਹ ਗਿਆ। ਅਸਲ ਵਿੱਚ ਮੇਰੀ ਪੱਕੀ ਸਹੇਲੀ ਨੂੰ ਉਸਦੀ ਭੈਣ ਦੇ ਵਿਆਹ ਤੇ ਸੋਨੇ ਦੀ ਚੇਨ ਮਿਲੀ ਸੀ। ਉਸਦੀ ਚਮਚਮਾਂਦੀ ਹੋਈ ਸੁਨਹਿਰੀ ਚੇਨ ਵੇਖ ਕੇ ਮੇਰਾ ਮਨ ਵੀ ਲਲਚਾ ਗਿਆ। ਦਿਨ ਰਾਤ ਆਪਣੀ ਮੰਮੀ ਦੀ ਜਾਨ ਖਾ ਗਈ ਬਈ ਮੈਨੂੰ ਵੀ ਬਸ ਇੱਕ ਸੋਨੇ ਦੀ ਚੇਨ ਲੈ ਦਿਓ, ਫੇਰ ਅਗਲੇ ਸਾਲ ਤੱਕ ਕੁਝ ਨਹੀਂ ਮੰਗਾਂਗੀ। ਪਰ ਮੰਮੀ ਮੇਰੀ ਸੁਣ ਕੇ ਅਣਸੁਣਿਆ ਕਰਦੀ ਜਾ ਰਹੀ ਸੀ। ਦਲੀਲ ਇਹ ਦਿੱਤੀ ਜਾ ਰਹੀ ਸੀ ਕਿ ਮੈਂ ਹਾਲੇ ਛੋਟੀ ਸੀ ਅਤੇ ਮੇਰਾ ਚੇਨ ਪਾ ਕੇ ਘੁੰਮਣਾ ਸੁਰੱਖਿਅਤ ਨਹੀਂ ਸੀ।


ਮੈਂ ਖਿੱਝਦੀ ਹੋਈ ਦਾਦੀ ਦੀ ਗੋਦੀ ਵਿੱਚ ਸਿਰ ਰੱਖ ਕੇ ਰੋਣ ਲੱਗ ਪਈ।

"ਕੀ ਕਹਿੰਦੀ ਹੈ ਕੁੜੀ, ਮੈਨੂੰ ਵੀ ਤਾਂ ਕੁੱਝ ਦੱਸੋ!" ਦਾਦੀ ਮੇਰਾ ਰੋਣਾ-ਬਿਲਖਣਾ ਸੁਣ ਕੇ ਘਬਰਾ ਗਈ।

"ਦਾਦੀ, ਮੈਂ ਸੋਨੇ ਦੀ ਚੇਨ ਪਾਉਣੀ ਹੈ। ਮੇਰੀ ਸਹੇਲੀ ਕੋਲ ਵੀ ਹੈਗੀ ਹੈ, ਚਮਚਮਾਂਦੀ ਸੋਨੇ ਦੀ ਚੇਨ 😍।" ਮੈਂ ਆਪਣਾ ਆਖਰੀ ਹਥਿਆਰ ਵਰਤਣ ਦੀ ਸੋਚੀ ਅਤੇ ਦਾਦੀ ਅੱਗੇ ਫਰਮਾਇਸ਼ ਰੱਖ ਦਿੱਤੀ।

ਮੈਨੂੰ ਯਾਦ ਹੈ ਉਦੋਂ ਦਾਦੀ ਨੇ ਮੈਨੂੰ ਪਿਆਰ ਨਾਲ ਵੇਖਿਆ ਸੀ ਅਤੇ ਆਪਣੀ ਕਮਰ ਵਿੱਚ ਸਾਂਭੀਆਂ ਚਾਬੀਆਂ ਕੱਢ ਕੇ ਆਪਣੇ ਮੰਜੇ ਥੱਲੇ ਪਏ ਪੁਰਾਣੇ ਸੰਦੂਕ ਨੂੰ ਖੋਲਿਆ ਸੀ।


ਨਾਨੀਆਂ ਦਾਦੀਆਂ ਦੇ ਪੁਰਾਣੇ ਸੰਦੂਕ ਇੱਕ ਬੁਝਾਰਤ ਵਾਂਗ ਹੁੰਦੇ ਸਨ ਜਿਨ੍ਹਾਂ ਵਿੱਚੋਂ ਨਵੀਂਆਂ ਨਵੀਂਆਂ ਹੈਰਾਨ ਕਰਨ ਵਾਲੀਆਂ ਚੀਜ਼ਾਂ ਨਿਕਲਦੀਆਂ ਸਨ। 


ਘੱਟੋ-ਘੱਟ ਜਦੋਂ ਮੈਂ ਛੋਟੀ ਸੀ, ਉਦੋਂ ਮੇਰੇ ਇਹੀ ਵਿਚਾਰ ਸਨ।


ਦਾਦੀ ਨੇ ਆਪਣੇ ਸੰਦੂਕ ਵਿੱਚੋਂ ਇੱਕ ਪੋਟਲੀ ਕੱਢੀ। ਓਹ ਪੋਟਲੀ ਦਾਦੀ ਦੇ ਗਹਿਣਿਆਂ ਦੀ ਜਾਪਦੀ ਸੀ। ਇੱਕ ਸੋਨੇ ਦੀ ਛੋਟੀ ਜਿਹੀ ਚੇਨ ਕੱਢ ਕੇ ਦਾਦੀ ਨੇ ਮੇਰੇ ਹੱਥ ਵਿੱਚ ਰੱਖ ਦਿੱਤੀ," ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਮੇਰੀ ਧੀ ਐਨੀ ਵੱਡੀ ਹੋ ਗਈ ਹੈ। ਇਹ ਗਹਿਣੇ ਤੇਰੇ ਵਾਸਤੇ ਹੀ ਰੱਖੇ ਸਨ, ਸੋਚਿਆ ਸੀ ਸਭ ਤੇਰੇ ਵਿਆਹ ਤੇ ਦੇਵਾਂਗੀ। ਤੂੰ ਤਾਂ ਹੁਣੇ ਹੀ ਕਾਹਲੀ ਪਾ ਦਿੱਤੀ!"


ਦਾਦੀ ਦੀ ਸ਼ਰਾਰਤ ਭਰੀ ਮੁਸਕਾਨ ਵੇਖ ਕੇ ਮੈਂ ਦਾਦੀ ਨੂੰ ਜੱਫ਼ੀ ਪਾ ਲਈ ਸੀ। ਮੈਨੂੰ ਚਮਚਮਾਂਦੀ ਚੇਨ ਪਾਈ ਵੇਖ ਕੇ ਦਾਦੀ ਫੁੱਲਿਆਂ ਨਹੀਂ ਸੀ ਸਮਾ ਰਹੀ।


"ਪਤਾ ਨਹੀਂ ਤੇਰੇ ਵਿਆਹ ਤੱਕ ਮੈਂ ਰਹਿਣਾ ਹੈ ਕਿ ਨਹੀਂ ਰਹਿਣਾ, ਜੀਉਂਦੇ ਹੀ ਆਪਣੇ ਸ਼ੌਕ ਪੂਰੇ ਕਰ ਲਵਾਂ। ਪਰ ਆਪਣੀ ਮਾਂ ਦੀ ਗੱਲ ਮੰਨੀਂ ਅਤੇ ਗਹਿਣਾ ਪਾ ਕੇ ਕੱਲੇ ਬਾਹਰ ਨਾ ਨਿੱਕਲੀਂ, ਦੁਨੀਆ ਵਿੱਚ ਤਰ੍ਹਾਂ-ਤਰ੍ਹਾਂ ਦੇ ਲੋਕ ਵੱਸਦੇ ਹਨ।"


ਦਾਦੀ ਮੇਰੇ ਵਿਆਹ ਵੇਲੇ ਜੀਉਂਦੀ ਸੀ, ਰੱਜ ਰੱਜ ਰੀਝਾਂ ਲਾਹੀਆਂ ਉਸਨੇ। ਪਰ ਉਸਦੀ ਦਿੱਤੀ ਹੋਈ ਪਹਿਲੀ ਸੋਨੇ ਦੀ ਚੇਨ ਮੈਨੂੰ ਹਾਲੇ ਵੀ ਸਭ ਤੋਂ ਪਿਆਰੀ ਹੈ।:)

Comments

Popular posts from this blog

ਇੱਕ ਦੂਜੇ ਦੇ ਰੰਗ ਵਿੱਚ ਰੰਗ ਜਾਈਏ

ਇੱਕ ਨਵੀਂ ਸਵੇਰ

ਅਸੀਂ ਸਾਰੇ ਇੱਕ ਸਮਾਨ