ਇੱਕ ਦੂਜੇ ਦੇ ਰੰਗ ਵਿੱਚ ਰੰਗ ਜਾਈਏ
ਕੋਮਲ ਦੇ ਪਤੀ ਦਾ ਤਬਾਦਲਾ ਬੇਂਗਲੁਰੂ ਹੋ ਗਿਆ ਸੀ। ਸਾਰਾ ਸਮਾਨ ਪੈਕ ਕਰਨਾ ਅਤੇ ਫੇਰ ਤੋਂ ਘਰ ਸਜਾਣਾ ਇੱਕ ਬਹੁਤ ਵੱਡਾ ਕੰਮ ਸੀ। ਕੋਮਲ ਕਦੇ ਆਪਣੇ ਨਵੇਂ ਘਰ ਨੂੰ ਵੇਖਦੀ ਅਤੇ ਕਦੇ ਨਵੇਂ ਸ਼ਹਿਰ ਦੀ ਖੂਬਸੂਰਤੀ ਨੂੰ। ਉਹ ਆਪਣੇ ਪਤੀ ਦੀ ਤਰੱਕੀ ਅਤੇ ਨਵੀਂ ਨੌਕਰੀ ਤੇ ਬਹੁਤ ਖੁਸ਼ ਸੀ ਪਰ ਉਸਦਾ ਮਨ ਹਾਲੇ ਵੀ ਹੁਸ਼ਿਆਰਪੁਰ ਦੀਆਂ ਗਲੀਆਂ ਵਿੱਚ ਹੀ ਘੁੰਮ ਰਿਹਾ ਸੀ। ਪੰਜਾਬ ਦੀ ਮਿੱਟੀ ਦੀ ਮਹਿਕ ਉਸਦੇ ਰੋਮ-ਰੋਮ ਵਿੱਚ ਵੱਸੀ ਹੋਈ ਸੀ। ਨਵੇਂ ਮਾਹੌਲ ਵਿੱਚ ਆਪਣੇ ਆਪ ਨੂੰ ਢਾਲਣਾ ਉਸਨੂੰ ਮੁਸ਼ਕਿਲ ਪ੍ਰਤੀਤ ਹੋ ਰਿਹਾ ਸੀ। ਬੱਚੇ ਸਕੂਲ ਚਲੇ ਜਾਂਦੇ ਅਤੇ ਪਤੀਦੇਵ ਦਫਤਰ। ਕੋਮਲ ਘਰ ਦਾ ਕੰਮ ਨਬੇੜ ਕੇ ਪੁਰਾਣੀਆਂ ਯਾਦਾਂ ਵਿੱਚ ਗੁਆਚ ਜਾਂਦੀ। ਬਾਹਰ ਨਿਕਲ ਕੇ ਅਜਨਬੀ ਲੋਕਾਂ ਨਾਲ ਮਿਲਣਾ-ਜੁਲਣਾ ਉਸਨੂੰ ਆਉਂਦਾ ਹੀ ਨਹੀਂ ਸੀ। ਬੱਚੇ ਆਪਣੇ ਹਾਣ ਦੇ ਜੁਆਕਾਂ ਨਾਲ ਖੇਡ ਲੈਂਦੇ। ਪਤਿਦੇਵ ਦੇ ਦਫਤਰ ਦੇ ਕੰਮ ਅਤੇ ਦੋਸਤ ਬਹੁਤ ਸਨ, ਦਿਲ ਲਾਉਣ ਵਾਸਤੇ। ਕੋਮਲ ਇੱਕਲੀ ਪੈ ਜਾਂਦੀ ਤਾਂ ਆਪਣੇ ਫਲੈਟ ਦੀ ਬਾਲਕਨੀ ਵਿੱਚ ਖੜੀ ਹੋ ਕੇ ਬਾਹਰ ਦੇ ਨਜ਼ਾਰੇ ਵੇਖਦੀ। ਜਿਸ ਕਲੋਨੀ ਵਿੱਚ ਉਹਨਾਂ ਦਾ ਘਰ ਸੀ, ਉੱਥੇ ਅਲੱਗ ਅਲੱਗ ਸੂਬਿਆਂ ਤੋਂ ਲੋਕ ਆ ਕੇ ਵੱਸੇ ਹੋਏ ਸਨ। ਨੌਕਰੀਆਂ ਦੀ ਮਜਬੂਰੀ ਦੀ ਬਦੌਲਤ ਇਹ ਛੋਟੀ ਜਿਹੀ ਜਗ੍ਹਾ ਪੂਰੇ ਭਾਰਤ ਦੀ ਝਲਕੀ ਪ੍ਰਤੀਤ ਹੁੰਦੀ ਸੀ।
ਤਿੰਨ ਮਹੀਨੇ ਵੇਖਦੇ ਹੀ ਵੇਖਦੇ ਨਿਕਲ ਗਏ।
ਹੋਲੀ ਦਾ ਤਿਉਹਾਰ ਆਇਆ। ਹਰ ਪਾਸੇ ਗੁਲਾਲ ਉੱਡ ਰਿਹਾ ਸੀ। ਬੱਚੇ ਗਲੀ ਦੇ ਹੋਰ ਬੱਚਿਆਂ ਨਾਲ ਹੋਲੀ ਖੇਡਣ ਚਲੇ ਗਏ ਅਤੇ ਪਤਿਦੇਵ ਦੇ ਦਫਤਰ ਦੇ ਦੋਸਤ ਉਹਨਾਂ ਨੂੰ ਆਪਣੇ ਨਾਲ ਲੈ ਗਏ। ਕੋਮਲ ਰਸੋਈ ਵਿੱਚ ਪਕੌੜੇ ਬਣਾ ਰਹੀ ਸੀ ਕਿ ਦਰਵਾਜੇ ਦੀ ਘੰਟੀ ਵੱਜੀ। ਬੇਸਨ ਵਾਲੇ ਹੱਥਾਂ ਨਾਲ ਹੀ ਕੋਮਲ ਨੇ ਦਰਵਾਜਾ ਖੋਲ੍ਹਿਆ।
ਆਂਢ-ਗੁਆਂਢ ਦੀਆਂ ਔਰਤਾਂ ਆਪਣੇ ਆਪਣੇ ਹੱਥਾਂ ਵਿੱਚ ਰੰਗ ਗੁਲਾਲ ਦੀਆਂ ਪੋਟਲੀਆਂ ਲਈ ਖੜੀਆਂ ਸਨ। ਸਭਨੇ ਮਿਲ ਕੇ ਕੋਮਲ ਨੂੰ ਚੰਗੀ ਤਰ੍ਹਾਂ ਰੰਗ ਦਿੱਤਾ।
"ਦੇਖੋ ਦੇਖੋ ਅੱਛੇ ਸੇ ਰੰਗ ਲਗਾ ਦੋ, ਮਿਸਟਰ ਪਹਿਚਾਨ ਨਹੀਂ ਪਾਏਂ!" ਮਿੱਸਸ ਭੱਟਾਚਾਰੀਆ ਨੇ ਮਜਾਕ ਕੀਤਾ।
"ਅਬ ਹੋਲੀ ਪਰ ਤੋ ਸਭ ਮਾਫ ਹੋਤਾ ਹੇ, ਕੋਮਲ ਜੀ!" ਕਹਿ ਕੇ ਮਿੱਸਸ ਸੁਬਰਾਮਨੀਅਮ ਨੇ ਰੰਗ ਦੀ ਪਿਚਕਾਰੀ ਕੋਮਲ ਦੇ ਉੱਤੇ ਖਾਲੀ ਕਰ ਦਿੱਤੀ। ਕੋਮਲ ਨੇ ਵੀ ਸਭਨੂੰ ਜੀ ਭਰ ਕੇ ਰੰਗ ਲਗਾਇਆ। ਅਜਨਬੀ ਹੋ ਕੇ ਵੀ ਉਹ ਸਭ ਆਪਣੇ ਹੀ ਲਗ ਰਹੇ ਸਨ। ਰੰਗ ਦੀ ਰਸਮ ਤੋਂ ਬਾਅਦ ਕੋਮਲ ਸਾਰਿਆਂ ਵਾਸਤੇ ਪਕੌੜੇ ਅਤੇ ਚਾਹ ਬਣਾ ਲਿਆਈ। ਖੂਬ ਗੱਪਾਂ ਮਾਰੀਆਂ ਸਾਰਿਆਂ ਨੇ ਰਲ ਕੇ। ਉਸ ਦਿਨ ਤੋਂ ਬਾਅਦ ਕੋਮਲ ਦਾ ਰੁਟੀਨ ਬਦਲ ਗਿਆ। ਘਰ ਦਾ ਕੰਮ ਨਬੇੜ ਕੇ ਉਹ ਗੁਆਂਢ ਦੀਆਂ ਔਰਤਾਂ ਨਾਲ ਕੁਝ ਸਮਾਂ ਬਿਤਾਉਣ ਲੱਗੀ। ਉਸਨੂੰ ਖੁਸ਼ ਵੇਖ ਕੇ ਪਤਿਦੇਵ ਵੀ ਖੁਸ਼ ਰਹਿਣ ਲੱਗੇ।
ਸਭ ਤੋਂ ਵੱਧ ਖੁਸ਼ ਰਹਿਣ ਲੱਗੀ ਕੋਮਲ ਦੀ ਰਸੋਈ ਜਿੱਥੇ ਅੱਜ ਤੱਕ ਰਾਜਮਾ ਚਾਵਲ ਜਾਂ ਸਰੋਂ ਦੇ ਸਾਗ ਤੋਂ ਅੱਗੇ ਗੱਲ ਨਹੀਂ ਸੀ ਹੁੰਦੀ। ਹੁਣ ਰਸੋਈ ਵਿੱਚ ਕਦੇ ਡੋਸਾ-ਇਡਲੀ ਅਤੇ ਕਦੇ ਦਾਲ-ਬਾਟੀ-ਚੂਰਮਾ ਬਣਦਾ। ਕਦੇ ਮਾਛੇਰ-ਝੋਲ ਅਤੇ ਕਦੇ ਪੂਰਨ-ਪੋਲੀ ਦੀ ਖੁਸ਼ਬੂ ਨਾਲ ਉਸਦਾ ਘਰ ਮਹਿਕਦਾ। ਕੋਮਲ ਵੀ ਆਪਣੀਆਂ ਨਵੀਆਂ ਸਹੇਲੀਆਂ ਦੀ ਤਰ੍ਹਾਂ ਸਭ ਦੇ ਰੰਗ ਵਿੱਚ ਰੰਗੀ ਗਈ ਸੀ। ਉਸਨੇ ਜਾਣ ਲਿਆ ਸੀ ਕਿ ਮਿਲ ਜੁਲ ਕੇ ਰਹਿਣ ਨਾਲ ਖੁਸ਼ੀਆਂ ਵੱਧਦੀਆਂ ਹਨ ਅਤੇ ਦੁੱਖ ਘੱਟਦਾ ਹੈ।
Comments
Post a Comment