ਮਿਠਾਈਆਂ ਦੀ ਭਰਮਾਰ


ਮਿਠਾਈਆਂ ਦੀ ਖ਼ੁਸ਼ਬੂ ਨਾਲ ਪੂਰਾ ਘਰ ਮਹਿਕ ਰਿਹਾ ਸੀ। ਸਿਰਫ ਦੋ ਦਿਨ ਰਹਿ ਗਏ ਸਨ ਦੀਵਾਲੀ ਦੇ ਤਿਉਹਾਰ ਆਉਣ ਵਿੱਚ। ਪਟਾਖਿਆਂ ਦੀ ਖਰੀਦਾਰੀ ਉੱਤੇ ਤਾਂ ਬੈਨ ਲੱਗਾ ਹੋਇਆ ਸੀ ਪਰ ਖਾਣ ਪੀਣ ਅਤੇ ਕਪੜਿਆਂ ਦੀ ਲਿਸਟ ਬਹੁਤ ਵੱਡੀ ਸੀ, ਅਜਿਹਾ ਮੇਰਾ ਨਹੀਂ ਬਾਪੂਜੀ ਦਾ ਕਹਿਣਾ ਸੀ। ਹੁਣ ਤੁਹਾਡੇ ਤੋਂ ਕੀ ਲਕੋਣਾ, ਮੇਰਾ ਤਾਂ ਉਹ ਲਿਸਟ ਬਣਾਉਣ ਵਿੱਚ ਸਭ ਤੋ ਵੱਡਾ ਹੱਥ ਸੀ। ਮੇਰਾ ਲੋਜਿਕ ਸੀ ਕਿ ਜੇਕਰ ਨਵੇਂ ਕਪੜੇ ਅਤੇ ਮਿਠਾਈਆਂ ਨਾ ਖਰੀਦੀਆਂ ਤਾਂ ਦੀਵਾਲੀ ਕਾਹਦੀ? ਨਾ ਪਟਾਖੇ, ਨਾ ਦੋਸਤ, ਨਾ ਬਾਜ਼ਾਰਾਂ ਦੀ ਸੈਰ, ਬਾਪੂਜੀ ਦੀ ਤਾਂ ਬੱਚਤ ਹੀ ਬੱਚਤ ਹੋ ਗਈ। ਤੇ ਵਿਚੋਂ ਦੀਵਾਲੀ ਕਿੱਥੇ ਗਈ!! ਮੇਰਾ ਲੋਜੀਕ ਬੇਬੇ ਬਾਪੂ ਨੂੰ ਕੁਝ ਕੁਝ ਸਮਝ ਆ ਰਿਹਾ ਸੀ।


" ਚੱਲ ਪ੍ਰੀਤੋ ਲੰਬੜਦਾਰਾਂ ਦੇ ਘਰ ਮਿਠਾਈ ਦੇ ਆਈਏ!" ਮਾਤਾ ਦੀ ਅਵਾਜ਼ ਆਈ।


"ਨਾ ਮੈਂ ਨਹੀਂ ਜਾਂਦੀ, ਸੁੱਖੀ ਨੂੰ ਲੈ ਜਾਓ।" ਲੰਬੜਦਾਰਾਂ ਦੇ ਮੁੰਡਿਆਂ ਦੀਆਂ ਆਦਤਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ। ਸਾਰਾ ਦਿਨ ਚੌਕ ਵਿੱਚ ਖੜੋ ਕੇ ਆਂਦੇ ਜਾਂਦੇ ਨੂੰ ਘੂਰਦੇ ਰਹਿੰਦੇ ਹਨ। ਪਰ ਬੇਬੇ ਨੂੰ ਕਿਵੇਂ ਦੱਸਦੀ, ਬਹਾਨਾ ਬਣਾ ਦਿੱਤਾ, ਮੇਰਾ ਰਸੋਈ ਦਾ ਕੰਮ ਬਾਕੀ ਹੈ।


ਬੇਬੇ ਨੇ ਬਾਪੂ ਨਾਲ ਕੋਈ ਸਲਾਹ ਕੀਤੀ ਮੈਨੂੰ ਆਪਣੇ ਕੋਲ ਬੁਲਾਇਆ।


"ਧੀਏ, ਤੇਰੇ ਲਈ ਲੰਬੜਦਾਰਾ ਦੇ ਛੋਟੇ ਮੁੰਡੇ ਦਾ ਰਿਸ਼ਤਾ ਆਇਆ ਹੈ, ਅੱਜ ਬਹਾਨੇ ਸਿਰ ਗੱਲ ਅੱਗੇ ਤੋਰਦੇ ਹਾਂ।" ਬਾਪੂ ਮਜ਼ਾਕ ਤਾਂ ਨਹੀਂ ਦੀ ਕਰਦਾ ਲੱਗਦਾ। ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ।


"ਜਾ, ਜਾ ਕੇ ਨਵਾਂ ਸੂਟ ਪਾ ਲੈ ਪ੍ਰੀਤੋ, ਸ਼ਗਨ ਦਾ ਦਿਨ ਹੈ ਜ਼ਰਾ ਮੂੰਹ ਮੱਥਾ ਸਵਾਰ ਲੈ।" ਬੇਬੇ ਨੇ ਇਹ ਗੱਲ ਮੇਰੇ ਤੋਂ ਲੁਕੋ ਕਿਵੇਂ ਲਈ, ਮੈਨੂੰ ਸਮਝ ਨਹੀਂ ਸੀ ਆ ਰਿਹਾ।


ਉਹ ਦਿਨ ਮੇਰੀ ਜ਼ਿੰਦਗੀ ਦਾ ਇਕ ਅਹਿਮ ਦਿਨ ਸੀ। ਲੰਬੜਦਾਰਾਂ ਦੇ ਘਰ ਰਿਸ਼ਤਾ ਪੱਕਾ ਹੋ ਗਿਆ ਅਤੇ ਮੈਂ ਆਪਣੇ ਹੀ ਘਰ ਵਿੱਚ ਪਰਾਈ ਹੋ ਗਈ ਸੀ। ਅੱਜ ਇਸ ਘਰ ਦੀ ਧੀ ਕੱਲ ਤਕ ਕਿਸੇ ਹੋਰ ਦੇ ਘਰ ਦੀ ਨੂੰਹ ਬਣ ਜਾਏਗੀ। ਜਿਸ ਘਰ ਨੂੰ ਆਪਣਾ ਸਭ ਕੁਝ ਮੰਨਿਆ ਉਹ ਓਪਰਾ ਜਿਹਾ ਲੱਗਣ ਲੱਗਾ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵੱਗਣ ਲੱਗ ਪਏ ਪਰ ਮੈਂ ਇਹ ਫੈਸਲਾ ਨਹੀਂ ਕਰ ਪਾ ਰਹੀ ਸੀ ਕਿ ਹੰਝੂ ਖੁਸ਼ੀ ਦੇ ਸਨ ਜਾਂ ਗਮ ਦੇ। ਤਿਉਹਾਰ ਦੀ ਖੁਸ਼ੀ ਵਿੱਚ ਨਵੇਂ ਰਿਸ਼ਤੇ ਦੀ ਖ਼ੁਸ਼ਬੂ ਨੇ ਖੂਬ ਰੰਗ ਜਮਾਇਆ। ਬੱਸ ਇਹ ਸਮਝ ਲਵੋ, ਦੀਵਾਲੀ ਦਿਲਾਂ ਨੂੰ ਜੋੜਨ ਦਾ ਇੱਕ ਜ਼ਰੀਆ ਬਣ ਗਈ ਸੀ।

Comments

Popular posts from this blog

ਇੱਕ ਦੂਜੇ ਦੇ ਰੰਗ ਵਿੱਚ ਰੰਗ ਜਾਈਏ

ਇੱਕ ਨਵੀਂ ਸਵੇਰ

ਅਸੀਂ ਸਾਰੇ ਇੱਕ ਸਮਾਨ