ਅਸੀਂ ਸਾਰੇ ਇੱਕ ਸਮਾਨ


"ਗੁੱਡੋ! ਵੀਰ ਨੂੰ ਰੋਟੀ ਤਾਂ ਫੜਾ ਜ਼ਰਾ!"

"ਆਪੇ ਆ ਕੇ ਲੈ ਜਾਵੇ, ਮੈਂ ਕਿਉਂ ਫੜਾਵਾਂ?" ਖਿਡੌਣਿਆਂ ਨਾਲ ਖੇਡਦੀ ਗੁੱਡੋ ਤੁਣਕ ਕੇ ਬੋਲੀ।

ਅੰਮੀ ਨੇ ਸੁਣਿਆ ਤਾਂ ਆਟੇ ਵਾਲੇ ਹੱਥਾਂ ਨਾਲ ਹੀ ਗੁੱਡੋ ਦੇ ਕੰਨ ਖਿੱਚ ਦਿੱਤੇ।

 "ਵੀਰ ਨੂੰ ਰੋਟੀ ਫੜਾਣ ਲੱਗੇ ਤੇਰੀ ਜਾਣ ਨਿਕਲਦੀ ਹੈ ਭਾਂਵੇ ਪਟੋਲਿਆਂ ਨਾਲ ਸਾਰਾ ਸਾਰਾ ਦਿਨ ਲੱਗੀ ਰਹੇਂ।" ਗੁੱਡੋ ਰੋਂਦੀ ਹੋਈ ਵੀਰ ਨੂੰ ਰੋਟੀ ਦੇਣ ਚਲੀ ਗਈ। 

"ਪਤਾ ਨਹੀਂ ਸਾਰੇ ਵੀਰ ਨੂੰ ਮੇਰੇ ਤੋਂ ਜਿਆਦਾ ਪਿਆਰ ਕਿਉਂ ਕਰਦੇ ਹਨ? ਓਹ ਤਾਂ ਰੋਟੀ-ਪਾਣੀ ਖਾ ਕੇ ਜਾਂ ਤਾਂ ਸੌਂ ਜਾਊਗਾ ਜਾਂ ਆਪਣੇ ਦੋਸਤਾਂ ਨਾਲ ਮਟਰਗਸ਼ਤੀ ਕਰੂਗਾ। ਅੰਮੀ ਮੈਨੂੰ ਹੀ ਦਾ ਸਾਰਾ ਕੰਮ ਕਰਨ ਨੂੰ ਕਹਿੰਦੀ ਹੈ। ਅਖੇ ਕੁੜੀਆਂ ਘਰ ਦਾ ਕੰਮ-ਕਾਜ ਕਰਦੀਆਂ ਹੀ ਸੋਹਣੀਆਂ ਲਗਦੀਆਂ ਹਨ। ਵੀਰਾ ਤਾਂ ਅਗਲੇ ਸਾਲ ਸ਼ਹਿਰ ਜਾਵੇਗਾ, ਕਾਲਜ ਪੜ੍ਹਨ ਵਾਸਤੇ। ਮੈਂ ਕਾਲਜ ਕਿਉਂ ਨਹੀਂ ਜਾ ਸਕਦੀ; ਬਾਪੂ ਕਹਿੰਦਾ ਹੈ ਕਿ ਦਸਵੀਂ ਪਾਸ ਕਰਕੇ ਕੋਈ ਸਿਲਾਈ ਦਾ ਕੋਰਸ ਕਰ ਲਈਂ, ਵਿਆਹ ਤੋਂ ਬਾਅਦ ਕੰਮ ਆਵੇਗਾ। ਮੇਰਾ ਦਿਲ ਨਹੀਂ ਕਰਦਾ ਸਿਲਾਈ ਸਿੱਖਣ ਨੂੰ, ਮੈਂ ਤਾਂ ਅੱਗੇ ਪੜ੍ਹਨਾ ਹੈ! ਨਾਲੇ ਵਿਆਹ ਐਨੀ ਛੇਤੀ ਨਹੀਂ ਕਰਨਾ ਮੈਂ। ਮੇਰੀ ਸਹੇਲੀ ਦੀ ਵੱਡੀ ਭੈਣ ਦਾ ਵਿਆਹ ਚੌਦਾਂ ਸਾਲ ਦੀ ਉਮਰ ਵਿੱਚ ਹੋ ਗਿਆ ਸੀ ਅਤੇ ਅਠਾਰਾਂ ਸਾਲ ਤੱਕ ਉਸਦੇ ਦੋ ਨਿਆਣੇ ਵੀ ਹੋ ਗਏ। ਕੀ ਕੁੜੀਆਂ ਦੀ ਜਿੰਦਗ਼ੀ ਵਿੱਚ ਘਰ ਦੀ ਚਾਰਦੀਵਾਰੀ ਹੀ ਹੈ? ਮੈਂ ਆਪਣੇ ਸੁਪਨਿਆਂ ਦਾ ਖੂਨ ਹੁੰਦੇ ਨਹੀਂ ਵੇਖ ਸਕਦੀ। ਮੈਂ ਸ਼ਹਿਰ ਜਾਵਾਂਗੀ ਅਤੇ ਉੱਚੀ ਪੜ੍ਹਾਈ ਕਰਕੇ ਡਾਕਟਰ ਬਣਾਂਗੀ!" ਸੋਚਦੇ ਸੋਚਦੇ ਗੁੱਡੋ ਦੀਆਂ ਅੱਖਾਂ ਵਿੱਚ ਇੱਕ ਚਮਕ ਆ ਗਈ।  


 

ਬਾਪੂ ਵਿਹੜੇ ਵਿੱਚ ਮੰਜੇ ਵਿਛਾਉਂਦਾ ਸੀ ਤੇ ਗੁੱਡੋ ਕੋਲ ਆ ਕੇ ਖੜੀ ਹੋ ਗਈ। ਬਾਪੂ ਨੇ ਮਾਂ-ਧੀ ਦੀ ਨੋਕ ਝੋਕ ਸੁਣ ਲਈ ਸੀ। ਲਾਡ ਨਾਲ ਗੁੱਡੋ ਨੂੰ ਆਪਣੇ ਕੋਲ ਬਿਠਾ ਲਿਆ। 

 

"ਕਿਹੜੀ ਗੱਲੋਂ ਰੁੱਸੀ ਹੈ ਸਾਡੀ ਲਾਡੋ? ਅੰਮੀ ਦੀਆਂ ਗੱਲਾਂ ਦਾ ਬੁਰਾ ਨਾ ਮਨਾਇਆ ਕਰ, ਓਹ ਤੇਰੀ ਭਲਾਈ ਦੇ ਵਾਸਤੇ ਹੀ ਤੈਨੂੰ ਡਾਂਟਦੀ ਹੈ!" ਬਾਪੂ ਨੇ ਗੁੱਡੋ ਨੂੰ ਸਮਝਾਉਂਦੇ ਹੋਏ ਕਿਹਾ।

 

 

"ਬਾਪੁ ਜੀ, ਮੈਂ ਵੀ ਸ਼ਹਿਰ ਜਾ ਕੇ ਕਾਲਜ ਦੀ ਪੜ੍ਹਾਈ ਕਰਨੀ ਹੈ। ਮੈਂ ਡਾਕਟਰ ਬਣਾਂਗੀ ਬਾਪੂ, ਮੈਂ ਡਾਕਟਰ ਬਣਾਂਗੀ!!" ਗੁੱਡੋ ਦੀਆਂ ਅੱਖਾਂ ਦੀ ਚਮਕ ਕੁੱਝ ਕਹਿ ਰਹੀ ਸੀ ਅਤੇ ਬਾਪੂ ਉਸਦਾ ਆਤਮ ਵਿਸ਼ਵਾਸ਼ ਵੇਖ ਕੇ ਦੋ ਪਲ ਵਾਸਤੇ ਮੌਨ ਹੋ ਗਿਆ। 

ਅਗਲੇ ਦਿਨ ਸਵੇਰੇ ਉੱਠਦੇ ਹੀ ਬਾਪੂ ਨੇ ਗੁੱਡੋ ਅਤੇ ਅੰਮੀ ਨੂੰ ਸੱਦਿਆ। ਉਸ ਤੋਂ ਬਾਅਦ ਇੱਕ ਫਰਮਾਨ ਜਾਰੀ ਕੀਤਾ ਗਿਆ। 

"ਗੁੱਡੋ ਨੂੰ ਡਾਕਟਰੀ ਪੜ੍ਹਨ ਲਈ ਸ਼ਹਿਰ ਭੇਜਿਆ ਜਾਵੇਗਾ ਅਤੇ ਸਿਲਾਈ ਸਿਖਾਉਣ ਲਈ ਜੋਰ ਨਹੀਂ ਪਾਇਆ ਜਾਵੇਗਾ। ਵੱਡੇ ਵੀਰ ਨੂੰ ਘਰ ਦਾ ਨਿੱਕਾ ਮੋਟਾ ਕੰਮ ਆਪ ਕਰਨ ਦੀ ਆਦਤ ਪਾਈ ਜਾਵੇ ਤਾਂ ਕਿ ਉਹ ਲੋੜ ਪੈਣ ਤੇ ਆਪਣੇ ਆਪ ਨੂੰ ਮੋਹਤਾਜ ਨਾ ਮਹਿਸੂਸ ਕਰੇ!" 

ਗੁੱਡੋ ਨੂੰ ਅੱਜ ਆਪਣੇ ਬਾਪੂ ਜੀ ਦੇ ਮੂੰਹੋਂ ਸਮਾਨਤਾ ਦਾ ਸਬਕ ਸੁਣਕੇ ਉੱਜਵਲ ਭਵਿੱਖ ਨਜ਼ਰ ਆ ਰਿਹਾ ਸੀ। 

Comments

Popular posts from this blog

ਇੱਕ ਦੂਜੇ ਦੇ ਰੰਗ ਵਿੱਚ ਰੰਗ ਜਾਈਏ

ਇੱਕ ਨਵੀਂ ਸਵੇਰ